This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

Project Details

Project Details

ਨਿੱਕੇ ਹੱਥ ਵੱਡੇ ਕਾਰਜ...

617 Views | September 16, 2018

ਨਿੱਕੇ ਹੱਥ ਵੱਡੇ ਕਾਰਜ...
ਵੇਈਂ ਦੀ ਕਾਰ ਸੇਵਾ 'ਚ ਬੱਚਿਆਂ ਦੀ ਭੂਮਿਕਾ
ਪਹਿਲੇ ਸਮਿਆਂ ਵਿਚ ਗੁਰੂ ਕੁਲ ਹੁੰਦੇ ਸਨ ਜਿਥੇ ਬੱਚਿਆਂ ਨੂੰ ਧਰਮ ਤੇ ਅੱਖਰ ਦਾ ਗਿਆਨ ਲੈਣ ਲਈ ਭੇਜਿਆ ਜਾਂਦਾ ਸੀ। ਇਨ੍ਹਾਂ ਗੁਰੂਕੁਲਾਂ ਵਿਚ ਉਹ ਸੰਸਕਾਰ ਵੀ ਸਿਖਾਏ ਜਾਂਦੇ ਸਨ ਜਿਹੜੇ ਬੱਚੇ ਦੇ ਸਾਰੀ ਉਮਰ ਕੰਮ ਆਉਂਦੇ ਰਹਿੰਦੇ ਸਨ। ਅਸਲ ਵਿਚ ਇਨ੍ਹਾਂ ਗੁਰੂਕੁਲਾਂ ਵਿਚ ਸ਼ਖ਼ਸੀਅਤ ਦੀ ਸਿਰਜਣਾ ਕੀਤੀ ਜਾਂਦੀ ਸੀ। ਬੱਚੇ ਨੂੰ ਹਰ ਪੱਖ ਤੋਂ ਨਿਪੁੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਨ੍ਹਾਂ ਗੁਰੂਕੁਲਾਂ ਵਿਚ ਸ਼ਾਸਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਨਿਰਮਲਾ ਪੰਥ ਵਿਚ ਵੀ ਇਹ ਪ੍ਰਥਾ ਪ੍ਰਚੱਲਤ ਹੈ ਕਿ ਇਥੇ ਸਾਰੇ ਕਾਰਜ ਸੇਵਾ ਤੋਂ ਸ਼ੁਰੂ ਹੁੰਦੇ ਹਨ। ਇਸ ਪੰਥ ਨਾਲ ਜੁੜਿਆ ਵਿਅਕਤੀ ਭਾਵੇਂ ਕਿਸੇ ਵੀ ਉਮਰ ਦਾ ਹੋਵੇ ਉਸ ਨੂੰ ਸਭ ਤੋਂ ਪਹਿਲਾਂ ਸੇਵਾ ਕਰਨ ਦੇ ਕਾਰਜ ਸੌਂਪੇ ਜਾਂਦੇ ਹਨ।  ਆਮ ਤੌਰ 'ਤੇ ਸਕੂਲਾਂ ਦੀਆਂ ਕੰਧਾਂ 'ਤੇ 'ਸਿੱਖਣ ਲਈ ਆਉ, ਸੇਵਾ ਲਈ ਜਾਉ' ਲਿਖਿਆ ਜਾਂਦਾ ਹੈ ਪਰ ਅੱਜ ਦੀ ਇੱਕੀਵੀਂ ਸਦੀ ਵਿੱਚ ਅਜਿਹੇ ਸਕੂਲਾਂ ਤੇ ਸੰਸਥਾਵਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਇਸ 'ਤੇ ਪਹਿਰਾ ਦਿੰਦੀਆਂ ਹੋਣ। ਇਸ ਸੰਦਰਭ ਵਿੱਚ ਸੰਤ ਬਲਬੀਰ ਸਿੰਘ ਜੀ ਦੁਆਰਾ ਗੁਰ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ 'ਸੰਤ ਅਵਤਾਰ ਸਿੰਘ ਜੀ ਯਾਦਗਾਰੀ ਮਹਾਂ ਵਿਦਿਆਲਿਆ ਸੀਚੇਵਾਲ' ਵਿੱਦਿਆ ਦੀ ਇਸ ਕਸੌਟੀ 'ਤੇ ਬਿਲਕੁਲ ਖਰਾ ਉਤਰਦਾ ਹੈ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ, ਜਿਸ ਨੇ ਕੇਵਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਤੇ ਵੇਈਂਆਂ-ਦਰਿਆਵਾਂ ਵਿੱਚ ਪੈ ਰਹੇ ਗੰਧਲੇ ਤੇ ਜ਼ਹਿਰੀਲੇ ਪਾਣੀਆਂ ਨੁੰ ਰੋਕਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇੱਕ ਸਫਲ ਰੋਲ ਮਾਡਲ ਪੇਸ਼ ਕੀਤਾ ਹੈ। ਇਸ ਕਾਰ ਸੇਵਾ ਵਿੱਚ ਬੱਚਿਆਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।
ਮਈ 1999 ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਮਹਾਂ ਵਿਦਿਆਲਿਆ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਜੁਲਾਈ 2000 ਵਿੱਚ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ ਸ਼ੁਰੂਆਤ ਹੋਈ। ਕਾਰ ਸੇਵਾ ਦੇ ਪਹਿਲੇ ਦਿਨ ਤੋਂ ਹੀ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਕਾਰ ਸੇਵਾ ਦੇ ਕਾਰਜ ਵਿੱਚ ਮੋਹਰੀ ਭੂਮਿਕਾ ਨਿਭਾਈ। ਸੰਤ ਸੀਚੇਵਾਲ ਦੁਆਰਾ ਕੀਤੇ ਗਏ ਲੋਕ ਭਲਾਈ ਦੇ ਕਾਰਜ ਚਾਹੇ ਉਹ ਰਸਤਿਆਂ ਦੀ ਸੇਵਾ ਹੋਵੇ ਜਾਂ ਪਵਿੱਤਰ ਵੇਈਂ ਦੀ ਕਾਰ ਸੇਵਾ, ਉਸ ਵਿੱਚ ਇੱਕ ਤੱਥ ਬੜਾ ਮਾਅਨੇ ਰੱਖਦਾ ਹੈ ਕਿ ਇਨ੍ਹਾਂ ਸਾਰੇ ਕਾਰਜਾਂ ਦੀ ਸ਼ੁਰੂਆਤ ਤੇ ਬੱਚਿਆਂ ਦੀ ਟੀਮ ਬਾਬਾ ਜੀ ਦੇ ਨਾਲ ਸੀ। ਸੰਤ ਸੀਚੇਵਾਲ ਜੀ ਅਕਸਰ ਕਹਿੰਦੇ ਨੇ ਕਿ ਜੇਕਰ ਅਸੀਂ ਬੱਚਿਆਂ ਨੂੰ ਰੁੱਖ ਲਗਾਉਣ, ਵੇਈਂਆਂ ਦਰਿਆਵਾਂ ਦੀ ਸਫਾਈ, ਰਸਤਿਆਂ ਦੀ ਸਫਾਈ ਆਦਿ ਸੇਵਾ ਕਾਰਜਾਂ ਨਾਲ ਜੋੜਦੇ ਹਾਂ ਤਾਂ ਇਹ ਬੱਚੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਵਾਤਾਵਰਣ  ਨੂੰ ਪ੍ਰਦੂਸ਼ਿਤ ਨਹੀ ਕਰਨਗੇ ਸਗੋਂ ਆਲੇ-ਦੁਆਲੇ ਦੀ ਸ਼ੁੱਧਤਾ ਵਿੱਚ ਵੀ ਯੋਗਦਾਨ ਪਾਉਣਗੇ।
ਪਵਿੱਤਰ ਕਾਲੀ ਵੇਈਂ ਤੇ ਜਦ ਸੁਲਤਾਨਪੁਰ ਲੋਧੀ ਤੋਂ ਪਹਿਲੇ ਦਿਨ ਬਾਬਾ ਜੀ ਨੇ ਖੁਦ ਵੇਈਂ ਵਿੱਚ ਵੜ ਕੇ ਬੂਟੀ ਕੱਢਣ ਦੀ ਸ਼ੁਰੂਆਤ ਕੀਤੀ ਤਾਂ ਸਕੂਲ ਦੇ ਬੱਚੇ ਵੀ ਬਾਬਾ ਜੀ ਦੇ ਨਾਲ ਸਨ। ਨਿਰਮਲ ਕੁਟੀਆ ਸੀਚੇਵਾਲ ਵਿੱਚ ਬਣੇ ਸਰੋਵਰ ਕਰਕੇ ਇਹ ਬੱਚੇ ਤੈਰਨ ਦੀ ਕਲਾ 'ਚ ਵੀ ਨਿਪੁੰਨ ਸਨ। ਵੇਈਂ ਵਿੱਚ ਵੜ ਕੇ ਬੂਟੀ ਕੱਢਣਾ, ਕੰਢਿਆਂ 'ਤੇ ਦੇਸੀ ਤਕਨੀਕ ਨਾਲ ਬਣਾਈਆਂ ਕੁੰਡੀਆਂ ਨਾਲ ਬੂਟੀ ਨੂੰ ਬਾਹਰ ਖਿੱਚਣਾ, ਗੁਰ ਸੰਗਤਾਂ ਨੂੰ ਜਲ- ਚਾਹ ਛਕਾਉਣ ਦੀ ਸੇਵਾ ਆਦਿ ਸਾਰੇ ਕਾਰਜਾਂ ਵਿੱਚ ਬੱਚੇ ਡਟੇ ਰਹਿੰਦੇ। ਜਿਸ ਦਿਨ ਵੀ ਸਕੂਲ ਤੋਂ ਸੁਲਤਾਨਪੁਰ ਸੇਵਾ 'ਤੇ ਜਾਣਾ ਹੁੰਦਾ ਤਾਂ ਬੱਚਿਆਂ ਨੂੰ ਚਾਅ ਚੜ੍ਹ ਜਾਂਦਾ। ਵਰਕਸ਼ਾਪ 'ਚ ਤਿਆਰ ਕੀਤੀ ਬੱਸ ਜਿਸ ਨੂੰ ਨਰਸਿੰਘ ਕਹਿੰਦੇ ਸੀ ਜਾਂ ਟਰੈਕਟਰ ਟਰਾਲੀ ਆਦਿ ਦਾ ਪ੍ਰਬੰਧ  ਕਰਕੇ ਸ਼ਬਦ ਗਾਉਂਦੇ ਬੱਚੇ ਸੁਲਤਾਨਪੁਰ ਪੁੱਜ ਜਾਂਦੇ। ਬੱਚਿਆਂ ਦੇ ਮਨ ਵਿੱਚ ਕਾਰ ਸੇਵਾ ਦਾ ਇੰਨਾ ਚਾਅ ਹੁੰਦਾ ਕਿ ਦੇਰ ਸ਼ਾਮ ਤੱਕ ਸੇਵਾ ਵਿੱਚ ਲੱਗੇ ਰਹਿਣਾ। ਇਲਾਕੇ ਦੇ ਲੋਕ ਬਾਬਾ ਜੀ ਦੇ ਕਾਰਜਾਂ ਨਾਲ ਦਿਲੋਂ ਜੁੜੇ ਸਨ ਤੇ ਉਹਨਾ ਨੂੰ ਵੀ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਕਾਰ ਸੇਵਾ ਦੇ ਕਾਰਜ ਵਿੱਚ ਹਿੱਸਾ ਪਾ ਰਹੇ ਹਨ। ਬੂਟੀ ਕੱਢਣ ਦੀ ਕਾਰ ਸੇਵਾ ਤੋਂ ਬਾਅਦ ਪੱਥਰ ਲਗਾਉਣ ਦੇ ਕਾਰਜ ਦੀ ਸ਼ੁਰੂਆਤ ਹੋਈ। ਪਹਿਲੇ ਦਿਨ ਘਾਟ ਬਣਾਉਣ ਲਈ ਪੱਥਰ ਲਗਾਉਣ ਦੀ ਸੇਵਾ ਦੀ ਸ਼ੁਰੂਆਤ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਕੋਲੋਂ ਹੋਈ। ਉਸ ਦਿਨ ਵੀ ਸਕੂਲ ਦੇ ਬੱਚੇ ਤੇ ਅਧਿਆਪਕ ਪਵਿੱਤਰ ਵੇਈਂ ਦੀ ਸੇਵਾ ਵਿੱਚ ਮੌਜੂਦ ਸੀ। ਪਵਿੱਤਰ ਵੇਈਂ ਦੀ ਕਾਰ ਸੇਵਾ ਵਿੱਚ ਯੋਜਨਾਵਾਂ ਤੇ ਨਕਸ਼ੇ ਮੌਕੇ 'ਤੇ ਹੀ ਬਣਦੇ। ਸੰਤ ਬਲਬੀਰ ਸਿੰਘ ਜੀ ਤੇ ਸਕੂਲ ਦੇ ਅਧਿਆਪਕ ਹਰਪ੍ਰੀਤ ਸਿੰਘ ਜੀ ਦੇ ਹੱਥ ਵਿੱਚ ਮੀਟਰ ਸੀ ਤੇ ਬੱਚੇ ਮਿੱਟੀ ਨੂੰ ਥਾਪੜ ਰਹੇ ਸੀ ਤੇ ਪੱਥਰਾਂ ਨੂੰ ਨੇੜੇ ਲੈ ਕੇ ਆ ਰਹੇ ਸੀ। ਪਹਿਲੇ ਦਿਨ ਮਿੱਟੀ ਦੇ ਨਾਲ ਹੀ ਢਲਾਨ ਦੇ ਕੇ ਪੱਥਰ ਲਗਾਉਣੇ ਸ਼ੁਰੂ ਕੀਤੇ। ਕੁਝ ਪੱਥਰ ਟਕਾਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਨੂੰ ਮਜ਼ਬੂਤ ਬਣਾਉਣ ਲਈ ਸੀਮੈਂਟ ਦੇ ਨਾਲ ਪੱਥਰ ਲਗਾਏ ਜਾਣ। ਘਾਟ ਬਣਾਉਣ ਦੀ ਸੇਵਾ ਦੌਰਾਨ ਸਕੂਲ ਦੇ ਬੱਚੇ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਰਹੇ। ਪਵਿੱਤਰ ਵੇਈਂ ਦੇ ਦੋਵਂੇ ਪਾਸੇ ਬਣੇ ਪੱਕੇ ਰਸਤਿਆਂ ਵਿੱਚ ਇੱਟਾਂ ਲਗਾਉਣ ਦੇ ਕਾਰਜ ਵਿੱਚ ਸੀਚੇਵਾਲ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ। ਸੇਵਾਦਾਰ ਮਿਸਤਰੀ ਅੱਗੇ-ਅੱਗੇ ਰਸਤੇ ਨੂੰ ਪੱਧਰਾ ਕਰ  ਕੇ ਲੈਵਲ ਕਰਦੇ ਤੇ ਬੱਚਿਆਂ ਦੀ ਫੌਜ ਇੱਟਾਂ ਨੂੰ ਰਸਤੇ ਤੇ ਚਿਣਨ ਦੀ ਸੇਵਾ  ਦਾ ਕਰਦੀ ਆਉਂਦੀ। ਇਹ ਕੰਮ ਬੱਚੇ ਇੰਨੇ ਉਤਸ਼ਾਹ ਤੇ ਫੁਰਤੀ ਨਾਲ ਕਰਦੇ ਕਿ ਕਈ ਵਾਰ ਇੱਟਾਂ ਦੀ ਸਪਲਾਈ ਵੀ ਘੱਟ ਪੈ ਜਾਂਦੀ। ਬੱਚਿਆਂ ਵਿੱਚ ਇੰਨਾ ਚਾਅ ਤੇ ਜੋਸ਼ ਹੁੰਦਾ ਕਿ ਸੇਵਾਦਾਰ ਟਰੱਕ 'ਚੋਂ ਇੱਟਾਂ ਉਤਾਰ ਰਹੇ ਹੁੰਦੇ ਤੇ ਨਾਲੇ-ਨਾਲ ਹੀ ਉਹ ਇੱਟਾਂ ਰਸਤੇ ਤੇ ਲਗਾ ਵੀ ਦਿੱਤੀਆਂ ਜਾਂਦੀਆਂ। ਵਿਦਿਆਰਥੀ ਤੇ ਅਧਿਆਪਕ ਸੇਵਾ ਦੇ ਇਸ ਕਾਰਜ ਨਾਲ ਦਿਲੋਂ ਜੁੜੇ ਸਨ। ਇਸ ਲਈ ਐਤਵਾਰ ਤੇ ਹੋਰ ਛੁੱਟੀ ਵਾਲੇ ਦਿਨ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਬੱਚੇ ਚਾਈਂ-ਚਾਈਂ ਸੁਲਤਾਨਪੁਰ ਲੋਧੀ ਸੇਵਾ ਵਿੱਚ ਬਤੀਤ ਕਰਦੇ। ਸੁਲਤਾਨਪੁਰ ਲੋਧੀ ਪਵਿੱਤਰ ਵੇਈਂ ਦੇ ਕਿਨਾਰੇ ਫੁੱਲ ਬੂਟੇ ਲਗਾਉਣੇ ਤੇ ਉਨ੍ਹਾਂ ਦੀ ਸਾਂਭ ਸੰਭਾਲ, ਵੇਈਂ ਨੂੰ ਰੰਗ-ਰੋਗਨ ਕਰਕੇ ਸੁੰਦਰ ਬਣਾਉਣਾ, ਵੇਈਂ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਸਮੇਂ-ਸਮਂੇ 'ਤੇ ਚਲਾਈਆਂ ਮੁਹਿੰਮਾਂ ਵਿੱਚ ਵੀ ਬੱਚਿਆਂ ਨੇ ਸ਼ਮੂਲੀਅਤ ਕੀਤੀ।
ਪਿੰਡ ਧਨੋਆ ਜ਼ਿਲਾ ਹਸ਼ਿਆਰਪੁਰ, ਜਿੱਥੋਂ ਪਵਿੱਤਰ ਵੇਈਂ ਦੀ ਸ਼ੁਰੂਆਤ ਕੀਤੀ, ਓਧਰੋਂ ਵੇਈਂ ਵਿੱਚੋਂ ਬੂਟੀ ਕੱਢਣ ਤੇ ਸਫਾਈ ਮਹਿੰਮ ਦੀ ਸ਼ੁਰੂਆਤ ਹੋਈ ਤਾਂ ਸੀਚੇਵਾਲ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੇ ਸੇਵਾ ਦੇ ਕਾਰਜ ਵਿੱਚ ਓਥੇ ਵੀ ਭਾਗ ਲਿਆ। ਪਵਿਤਰ ਵੇਈਂ ਦੇ ਮਹਾਨਤਾ ਬਾਰੇ ਇਸ ਦੇ ਕੰਢੇ 'ਤੇ ਪੰਜ ਦਿਨਾਂ ਮਹਾਨ ਨਗਰ ਕੀਰਤਨ ਕੱਢੇ ਗਏ ਜਿਸ ਵਿੱਚ ਵੀ ਸਕੂਲ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਏ। ਪਵਿੱਤਰ ਵੇਈਂ ਦੀ ਕਾਰ ਸੇਵਾ ਲਗਾਤਾਰ ਜਾਰੀ ਹੈ ਤੇ ਇਸ ਸੇਵਾ ਵਿੱਚ ਚਾਹੇ ਉਹ ਨਵੇਂ ਘਾਟ ਬਣਾਉਣ ਦੀ ਸੇਵਾ ਹੋਵੇ ਜਾਂ ਵੇਈਂ ਦੇ ਕੰਢਿਆਂ ਦੀ ਸਫਾਈ, ਰੰਗ-ਰੋਗਨ ਕਰਨ ਦੀ ਸੇਵਾ ਜਾਂ ਗੰਦਲੇ ਪਾਣੀਆਂ ਨੂੰ ਵੇਈਆਂ ਦਰਿਆਵਾਂ ਵਿੱਚੋਂ ਪੈਣੋ ਰੋਕਣ ਲਈ ਪ੍ਰਚਾਰ ਮੁਹਿੰਮ, ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸਕੂਲ ਤੇ ਕਾਲਜ ਦੇ ਵਿਦਿਆਰਥੀ ਮੋਹਰੀ ਰੋਲ ਨਿਭਾਉਂਦੇ ਹਨ। ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਤੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਅਤੇ ਖੇਡਾਂ  ਵਿੱਚ ਤਾਂ ਮੱਲਾਂ ਮਾਰਦੇ ਹੀ ਹਨ ਪਰ ਇਨ੍ਹਾਂ ਕਾਰਜਾਂ ਵਿੱਚ ਸ਼ਮੂਲੀਅਤ ਕਰਨ ਨਾਲ ਇਹ ਵਾਤਵਾਰਣ ਦੇ ਰਖਵਾਲੇ, ਰੁੱਖ ਲਗਾਉਣ ਵਾਲੇ, ਆਲੇ ਦੁਆਲੇ ਨੂੰ ਸਾਫ ਕਰਨ ਵਾਲੇ ਸਮਾਜ ਸੁਧਾਰਕ ਵੀ ਹਨ। ਇਹ ਸੰਤ ਸੀਚੇਵਾਲ ਜੀ ਦੇ ਇਸ ਵਿੱਦਿਆ ਤੇ ਸੇਵਾ ਦੇ ਮਿਸ਼ਨ ਦੀ ਵੱਡੀ ਪ੍ਰਾਪਤੀ ਹੈ।