8ਵਾਂ ਭਾਰਤੀ ਮਾਨਵ ਅਧਿਕਾਰ ਸੰਗਠਨ ਨੇ ਨਵੀਂ ਦਿੱਲੀ ਵਿੱਚ ਕੀਤਾ 10 ਸਮਾਜ ਸੇਵੀ ਸਖਸ਼ੀਅਤਾਂ ਨੂੰ ਸਨਮਾਨਿਤ
ਸੁਲਤਾਨਪੁਰ ਲੋਧੀ, ੧੨ ਦਸੰਬਰ
੮ਵਾਂ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਨਵੀਂ ਦਿੱਲੀ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਵਿੱਤਰ ਵੇਈਂ ਸਮੇਤ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਵਿਰੁੱਧ ਜੰਗ ਛੇੜ ਕੇ ਜਿਸ ਤਰ੍ਹਾਂ ਨਾਲ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਰਾਖੀ 'ਤੇ ਪਹਿਰਾ ਦਿੱਤਾ ਹੈ ਉਸ ਦੀ ਮਿਸਾਲ ਦੇਸ਼ ਵਿਚ ਹੋਰ ਕਿਧਰੇ ਨਹੀਂ ਮਿਲਦੀ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਮੇਤ ਦੇਸ਼ ਦੀਆਂ ਹੋਰ ਨਦੀਆਂ ਤੇ ਦਰਿਆਵਾਂ ਨੂੰ ਸਾਜ਼ਿਸ਼ ਤਹਿਤ ਪਲੀਤ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਦਾ ਵਪਾਰ ਵੱਡੇ ਪੱਧਰ 'ਤੇ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਹਾਂ ਨਗਰਾਂ ਵਿਚ ਤਾਂ ਪਾਣੀ ਦਾ ਵਪਾਰ ਵੱਡੇ ਕਾਰੋਬਾਰ ਵਿਚ ਸਥਾਪਤ ਹੋ ਚੁੱਕਾ ਹੈ। ਇਸੇ ਤਰ੍ਹਾਂ ਪੰਜਾਬ ਵਿਚ ਹੋਣ ਵਾਲੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਵਿਚ ਵੀ ਪੀਣ ਵਾਲੇ ਮੁੱਲ ਦੇ ਪਾਣੀ ਨੂੰ ਹੀ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਸੰਸਥਾ ਨੇ ਦੱਸਿਆ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਉਹ ਦੇਸ਼ ਭਰ ਵਿਚ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ ਤਾਂ ਜੋ ਇਸੇ ਮਾਡਲ ਤਹਿਤ ਪਲੀਤ ਹੋਏ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਇਸ ਮੌਕੇ ਦੇਸ਼ ਭਰ ਵਿੱਚੋਂ ਆਈਆਂ ਸਮਾਜ ਸੇਵੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੇਵਾ ਮੁਕਤ ਜੱਜ, ਆਈ ਏ ਐਸ, ਆਈ ਪੀ ਐਸ, ਐਨਥਨੀ ਰਾਜੂ, ਡੁਬਾਈ ਦੇ ਕਾਰੋਬਾਰੀ ਮੁਸਤਫਾ ਸਾਸਾ, ਐਡਵੋਕੇਟ ਅਤੇ ਹੋਰ ਸਮਾਜ ਸੇਵੀ ਸਖਸ਼ੀਅਤਾਂ ਹਾਜਿਰ ਸਨ।