This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸੈਫਲਾਬਾਦ ਤੋਂ ਚੱਲੇ ਤੀਜੇ ਨਗਰ ਕੀਰਤਨ 'ਚ ਪਿੰਡਾਂ ਦੀਆਂ ਪੰਚਾਇਤਾਂ ਨੇ ਲਾਏ ਬੂਟੇ

594 Views | November 14, 2018

ਸੈਫਲਾਬਾਦ ਤੋਂ ਚੱਲੇ  ਤੀਜੇ  ਨਗਰ ਕੀਰਤਨ 'ਚ ਪਿੰਡਾਂ ਦੀਆਂ ਪੰਚਾਇਤਾਂ ਨੇ ਲਾਏ ਬੂਟੇ
ਤਖਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਕੀਤੀ ਸ਼ਿਰਕਤ
ਸੰਤ ਸੀਚੇਵਾਲ ਨੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਦਿੱਤਾ ਸੱਦਾ
ਸੁਲਤਾਨਪੁਰ ਲੋਧੀ, ੧੫ ਨਵੰਬਰ 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਨਗਰ ਕੀਰਤਨ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਜਾ ਕੇ ਸੰਪਨ ਹੋਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਚੱਲੇ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਨਿੱਘਾ ਸਵਾਗਤ ਕੀਤਾ।ਇਸ ਨਗਰ ਕੀਰਤਨ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਪਿੰਡਾਂ ਦੀਆਂ ਪੰਚਾਇਤਾਂ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਅਹਿਦ ਕਰਦਿਆਂ ਪਿੰਡਾਂ ਵਿੱਚ ਬੂਟੇ ਲਗਵਾ ਕੇ ੫੫੦ ਬੂਟੇ ਲਗਾਉਣ ਦੀ ਮੁਹਿੰਮ ਨੂੰ ਹੁੰਗਾਰਾ ਭਰਿਆ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਠੰਡ ਦਾ ਮੌਸਮ ਸ਼ੁਰੂ ਹੋਣ 'ਤੇ ਲੱਗੇ ਹੋਏ ਬੂਟਿਆਂ ਦੀ ਸੰਭਾਲ ਵੱਲ ਜ਼ਿਆਦਾ ਜ਼ੋਰ ਦਿੱਤਾ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਪੱਖੋਂ ਪੰਜਾਬ ਬੜੇ ਨਾਜ਼ੁਕ ਦੌਰ ਵਿੱਚੋਂ ਨਿਕਲ ਰਿਹਾ ਹੈ ਇਸ ਦੇ ਪਾਣੀ ਗੰਦੇ ਤੇ ਜ਼ਹਿਰੀਲੇ ਹੋ ਗਏ ਹਨ।ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਨਗਰ ਕੀਰਤਨ ਦੌਰਾਨ ਹੀ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਦੇ ਦਰਿਆਵਾਂ ਨੂੰ ਪਲੀਤ ਕਰਨ 'ਤੇ ਪੰਜਾਬ ਸਰਕਾਰ ਨੂੰ ੫੦ ਕਰੋੜ ਦੇ ਲਾਏ ਜੁਰਮਾਨੇ ਦਾ ਵੀ ਜ਼ਿਕਰ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਜੁਰਮਾਨਾ ਕੋਈ ਹੱਲ ਨਹੀਂ ਹੈ ਲੋਕਾਂ ਦੀਆਂ ਜਿੰਦਗੀਆਂ ਦਾਅ 'ਤੇ ਲੱਗੀਆਂ ਹੋਈਆਂ ਹਨ ਜਦੋਂ ਤੱਕ ਜੁੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਤੇ ੧੯੭੪ ਦਾ ਐਕਟ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਦਰਿਆਵਾਂ ਵਿੱਚ ਗੰਦੇ ਪਾਣੀ ਪੈਂਦੇ ਰਹਿਣਗੇ।
ਇਸ ਨਗਰ ਕੀਰਤਨ ਵਿੱਚ ਸੰਤ ਲੀਡਰ ਸਿੰਘ ਜੀ, ਸੰਤ ਦਇਆ ਸਿੰਘ ਜੀ, ਸੰਤ ਅਮਰੀਕ ਸਿੰਘ ਜੀ ਖੁਖਰੈਣ, ਸੰਤ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ, ਸੰਤ ਮਹਾਤਮਾ ਮੁਨੀ ਜੀ ਖੈੜਾ ਬੇਟ ਅਤੇ ਸੰਤ ਸੁਖਜੀਤ ਸਿੰਘ ਜੀ ਨਗਰ ਕੀਰਤਨ ਵਿੱਚ ਸਾਰਾ ਦਿਨ ਸ਼ਾਮਿਲ ਰਹੇ।ਪੰਜਾਬ ਪੁਲਿਸ ਤਲਵੰਡੀ ਚੌਧਰੀਆਂ ਵੱਲੋਂ ਵੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਲਾਕੇ ਦੀਆਂ ਸੰਗਤਾਂ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ।ਸੰਤ ਅਵਤਾਰ ਸਿੰਘ ਯਾਦਗਾਰੀ ਗੱਤਕਾ ਅਖਾੜਾ ਦੇ ਖਿਡਾਰੀਆਂ ਨੇ ਸੰਗਤਾਂ ਨੂੰ ਆਪਣਾ ਜੌਹਰ ਦਿਖਾਇਆ।ਚਲਦਾ ਫਿਰਦਾ ਲੰਗਰ ਸੰਗਤਾਂ ਨੂੰ ਹਰ ਜਗਹ ਮੁਹੱਈਆਂ ਕਰਵਾਇਆ ਜਾ ਰਿਹਾ ਸੀ।ਪਿੰਡਾਂ ਦੇ ਲੋਕਾਂ ਨੇ ਵੀ ਲੰਗਰ, ਚਾਹ ਪਕੌੜੇ, ਫਲ ਆਦਿ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਦਿਲੋਂ ਸੇਵਾ ਕੀਤੀ।