This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਨਿਰਮਲਾ ਪੰਥ ਵੱਲੋਂ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ

1782 Views | November 12, 2018

ਨਿਰਮਲਾ ਪੰਥ ਵੱਲੋਂ ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ
ਪਵਿੱਤਰ ਕਾਲੀ ਵੇਈਂ ਕਿਨਾਰੇ ਹੋਇਆ ਪਹਿਲਾ ਗੁਰਮਤਿ ਵੇਦਾਂਤ ਸਮਾਗਮ
ਸੁਲਤਾਨਪੁਰ ਲੋਧੀ, ੧੨ ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਗੁਰਮਤਿ ਵੇਦਾਂਤ ਸਮਾਗਮ ਪਵਿੱਤਰ ਕਾਲੀ ਵੇਈਂ ਕਿਨਾਰੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ। ਇਸ ਸਮਾਗਮ 'ਚ ਨਿਰਮਲ ਪੰਚਾਇਤੀ ਅਖਾੜਾ ਦੇ ਸ੍ਰੀਮਹੰਤ ਗਿਆਨਦੇਵ ਸਿੰਘ ਜੀ ਨੇ ਧਾਰਮਿਕ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਕਿ ਉਹ ਨਿਰਮਲਾ ਪੰਥ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਕਿਹਾ ਕਿ ਸਾਨੂੰ ਆਪਣੇ ਨਿਰਮਲੇ ਸਥਾਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਹੋਰ ਤੇਜ਼ੀ ਨਾਲ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਵੇ ਤਾਂ ਜੋ ਇਨ੍ਹਾਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਇਸ ਗੁਰਮਤਿ ਸਮਾਗਮ ਵਿੱਚ 'ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ', 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਅੰਮ੍ਰਿਤ', 'ਨਿਰਮਲ ਭੇਖ ਦੀ ਸਮਾਜ ਨੂੰ ਦੇਣ', 'ਨਿਰਮਲ ਭੇਖ ਦੀ ਸਾਹਿਤ ਰਚਨਾ', 'ਨਿਰਮਲ ਭੇਖ ਦੀ ਕਾਰ ਸੇਵਾ ਵਿੱਚ ਭੂਮਿਕਾ' ਅਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਵਾਤਾਵਰਣ' ਆਦਿ ਵਿਸ਼ਿਆਂ 'ਤੇ ਸਿੱਖ ਧਰਮ ਦੇ ਸ਼ਾਸ਼ਤਰੀਆਂ ਨੇ ਅਥਾਹ ਗਿਆਨ ਦਾ ਭੰਡਾਰ ਸੰਗਤਾਂ ਨੂੰ ਵੰਡਿਆ।
ਮਹੰਤ ਜਸਵਿੰਦਰ ਸਿੰਘ ਸ਼ਾਸ਼ਤਰੀ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਮਹਾਨ ਅੰਮ੍ਰਿਤਮਈ ਬਾਣੀ ਨੂੰ ਘੋਖਣ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮਲੇ ਸੰਤ ਕਾਸ਼ੀ ਭੇਜੇ ਸੀ। ਨਿਰਮਲ ਪੰਥ ਦੇ ਸ਼ਾਸ਼ਤਰੀਆਂ ਨੇ ਸੂਰਜ ਪ੍ਰਕਾਸ਼, ਸ੍ਰੀ ਗੁਰੂ ਤਵਾਰੀਖ ਖਾਲਸਾ ਵਰਗੇ ਅਨੇਕ ਗ੍ਰੰਥ ਗੁਰਸਿਖਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਨ।
ਸੰਤ ਕਮਲਜੀਤ ਸਿੰਘ ਸ਼ਾਸ਼ਤਰੀ ਜੀ ਨੇ ਕਿਹਾ ਕਿ ਸਿੱਖ ਧਰਮ ਵਿੱਚ ਵਿਦਿਆ ਤੇ ਕੀਰਤਨ ਦਾ ਗਿਆਨ ਵੰਡਣ ਵਿੱਚ ਨਿਰਮਲ ਪੰਥ ਨੇ ਵੱਡੀ ਭੂਮਿਕਾ ਨਿਭਾਈ ਹੈ। ਸੰਤ ਅਤਰ ਸਿੰਘ ਮਸਤੂਆਣਾ, ਸੰਤ ਮੱਘਰ ਸਿੰਘ ਵਰਗੀਆਂ ਸਖਸ਼ੀਅਤਾ ਆਪਣਾ ਜੀਵਨ ਭਰ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਲੱਗੀਆਂ ਰਹੀਆਂ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਨਿਰਮਲ ਪੰਥ ਅੱਗੇ ਹੋ ਕੇ ਸਮਾਜ ਵਿੱਚ ਗੁਰਬਾਣੀ, ਕੀਰਤਨ ਦੇ ਪ੍ਰਸਾਰ ਲਈ ਜੀਅ ਤੋੜ ਉਦਮ ਕਰੇ।
ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਜੀ ਨੇ ਵਾਤਾਵਰਣ ਵਿਸ਼ੇ 'ਤੇ ਬੋਲਦਿਆ ਕਿਹਾ ਕਿ ਸੰਤ ਸੀਚੇਵਾਲ ਜੀ ਵਾਤਾਵਰਣ ਦੀ ਸ਼ੁੱਧਤਾ ਲਈ ਜੋ ਭਾਰਤ ਵਿੱਚ ਲੜਾਈ ਲੜ ਰਹੇ ਹਨ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਆਏ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਨਿਰਮਲ ਪੰਥ ਹਮੇਸ਼ਾਂ ਸੰਗਤ ਦੀ ਸੇਵਾ ਲਈ ਅੱਗੇ ਰਿਹਾ ਹੈ। ਉਹ ਸੇਵਾ ਗੁਰਬਾਣੀ ਦਾ ਪ੍ਰਸਾਰ ਹੋਵੇ, ਆਯੂਰਵੈਦਿਕ ਦਵਾਈਆਂ ਦਾ ਕੰਮ ਹੋਵੇ, ਗੁਰਬਾਣੀ ਤੇ ਕੀਰਤਨ ਸੰਥਿਆ ਹੋਵੇ ਜਾਂ ਵਾਤਾਵਰਣ ਦੀ ਸੰਭਾਲ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਦੁਨੀਆਂ ਭਰ ਵਿੱਚ ਪਹੁੰਚਾਉਣ ਲਈ ਸੰਤ ਸਮਾਜ ਨੂੰ ਇੱਕਜੁਟ ਹੋ ੫੫੦ ਸਾਲਾ ਸਮਾਗਮਾਂ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ।
ਇਸ ਮੌਕੇ ਸੰਤ ਦਇਆ ਸਿੰਘ ਜੀ ਟਾਹਲੀ ਸਾਹਿਬ, ਸੰਤ ਤੇਜਾ ਸਿੰਘ, ਸੰਤ ਪਾਲ ਸਿੰਘ, ਸੰਤ ਸੁਖਜੀਤ ਸਿੰਘ ਅਤੇ ਨਿਰਮਲ ਸੰਪ੍ਰਦਾਇ ਦੇ ਸ਼ਾਸਤਰੀ ਵਿਦਵਾਨਾਂ ਨੇ ਨਿਰਮਲ ਪੰਥ ਦੇ ਵੱਖ-ਵੱਖ ਵਿਸ਼ਿਆਂ ਉਪਰ ਵਿਚਾਰ-ਚਰਚਾ ਕਰਕੇ ਗੁਰਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਬਾਰੇ ਗੁਰਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਨਿਰਮਲ ਭੇਖ ਭੂਸ਼ਣ ਸ੍ਰੀ ਮਹੰਤ ਸ੍ਰੀ ਗਿਆਨਦੇਵ ਸਿੰਘ ਜੀ ਨਿਰਮਲ ਪੰਚਾਇਤੀ ਅਖਾੜਾ ਕਨਖਲ, ਸ੍ਰੀ ਮਾਨ ਮਹੰਤ ਪਿਆਰਾ ਸਿੰਘ ਜੀ ਬਰਨਾਲਾ, ਮਹੰਤ ਗੁਰਚਰਨ ਸਿੰਘ ਜੀ ਬਡੋ ਵਾਲੇ, ਮਹੰਤ ਰਾਜਾ ਸਿੰਘ ਜੀ ਵੇਂਢਲ, ਮਹੰਤ ਗੁਰਚਰਨ ਸਿੰਘ ਪੰਡਵਾਂ ਵਾਲੇ, ਮਹੰਤ ਸਹਿਜਦੀਪ ਸਿੰਘ ਜੀ ਨਿਰਮਲ ਵੇਦਾਂਤ ਨਿਕੇਤਨ ਅੰਮ੍ਰਿਤਸਰ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ, ਮਹੰਤ ਵਿਕਰਮ ਸਿੰਘ ਥੇਹ ਸਾਹਿਬ ਗੋਇੰਦਵਾਲ, ਮਹੰਤ ਸਵਰਨ ਸਿੰਘ ਝੰਡੇ ਸਾਹਿਬ, ਮਹੰਤ ਬਲਬੀਰ ਸਿੰਘ ਰੱਬਜੀ ਜਿਆਣ, ਸੰਤ ਭੁਪਿੰਦਰ ਸਿੰਘ ਜੀ ਪਟਿਆਲਾ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ,  ਮਹੰਤ ਬਲਵੰਤ ਸਿੰਘ ਕੋਠਾਗੁਰੂ, ਮਹੰਤ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਕਮਲਜੀਤ ਸਿੰਘ ਸ਼ਾਸਤਰੀ, ਸੰਤ ਦਰਸ਼ਨ ਸਿੰਘ ਸ਼ਾਸਤਰੀ, ਸੰਤ ਜਸਵਿੰਦਰ ਸਿੰਘ ਸ਼ਾਸਤਰੀ ਅਤੇ ਸੰਤ ਗੁਰਵਿੰਦਰ ਸਿੰਘ ਸ਼ਾਸਤਰੀ ਆਦਿ ਹਾਜ਼ਰ ਸਨ।