This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਜੈਕਾਰਿਆਂ ਦੀ ਗੂੰਜ ਵਿਚ ਰਬਾਬਸਰ ਤੋਂ ਚੱਲਿਆ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚਿਆ

1297 Views | November 09, 2018

ਜੈਕਾਰਿਆਂ ਦੀ ਗੂੰਜ ਵਿਚ ਰਬਾਬਸਰ ਤੋਂ ਚੱਲਿਆ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚਿਆ
ਸੰਗਤਾਂ ਵੱਲੋਂ ਥਾਂ-ਥਾਂ ਨਿੱਘਾ ਸਵਾਗਤ
ਪਰਾਲੀ ਨੂੰ ਖੇਤਾਂ 'ਚ ਵਾਹ ਕੇ ਕਿਸਾਨਾਂ ਨੇ ਗੁਰਬਾਣੀ 'ਤੇ ਦਿੱਤਾ ਪਹਿਰਾ-ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, ੯ ਨਵੰਬਰ 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਨਗਰ ਕੀਰਤਨ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਰਬਾਬਸਰ ਤੋਂ ਸੁਲਤਾਨਪੁਰ ਲੋਧੀ ਪਹੁੰਚਿਆ। ਫੁੱਲ਼ਾਂ ਨਾਲ ਸਿੰਗਾਰੀ ਪਾਲਕੀ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਮੰਡ ਇਲਾਕੇ 'ਚੋਂ ਲੰਘਦਾ ਇਹ ਨਗਰ ਕੀਰਤਨ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ਖੇਤਾਂ ਵਿਚ ਕਣਕ ਬੀਜਦੇ ਤੇ ਪਰਾਲੀ ਸਾਂਭਦੇ ਕਿਸਾਨਾਂ ਨੇ ਵੀ ਹੁੰਮ ਹੁਮਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਨਗਰ ਕੀਰਤਨ ਦੇ ਰਸਤੇ ਵਿਚ ਆਉਂਦੇ ਪਿੰਡਾਂ ਵਿਚ ਸਵਾਗਤ ਲਈ ਉਚੇਚੇ ਤੌਰ 'ਤੇ ਗੇਟ ਬਣਾਏ ਗਏ ਸਨ। ਜ਼ਿਕਰਯੋਗ ਹੈ ਕਿ ਪਿੰਡ ਭਰੋਆਣਾ 'ਚ ਗੁਰਦੁਆਰਾ ਰਬਾਬਸਰ ਉਹ ਸਥਾਨ ਹੈ ਜਿਥੇ ਭਾਈ ਮਰਦਾਨੇ ਨੂੰ ਰਬਾਬ ਭੇਂਟ ਕੀਤੀ ਗਈ ਸੀ। 
ਸੰਤ ਅਵਤਾਰ ਸਿੰਘ ਯਾਦਗਾਰੀ ਗੱਤਕਾ ਅਖਾੜਾ ਦੇ ਜੁਝਾਰੂ ਸਿੰਘ ਤੇ ਸਿੰਘਣੀਆਂ ਗੱਤਕੇ ਦੇ ਜੌਹਰ ਦਿਖਾ ਨਿਹਾਲ ਕਰ ਰਹੇ ਸਨ।ਪਾਲਕੀ ਸਾਹਿਬ ਅੱਗੇ ਮਨੀਲਾ ਵਿੱਚੋਂ ਆਈ ਸੰਗਤ ਫੁੱਲਾਂ ਦੀ ਬੇਅੰਤ ਵਰਖਾ ਕਰ ਰਹੀ ਸੀ।ਇਹ ਜਾਹੋ ਜਲਾਲ ਦੇਖ ਹਰੇਕ ਗੁਰਸਿੱਖ ਦਾ ਮਨ ਖੁਸ਼ ਹੋ ਰਿਹਾ ਸੀ।  
ਨਗਰ ਕੀਰਤਨ ਦੌਰਾਨ ਕੀਤੇ ਗਏ ਪੜਾਵਾਂ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ 'ਤੇ ਚੱਲਣ ਦਾ ਯਤਨ ਕੀਤਾ ਹੈ। ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਨਗਰ ਕੀਰਤਨ ਜਦੋਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਪੁੱਜਾ ਤਾਂ ਉਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਂ ਪਿਆਰਿਆਂ ਦਾ ਮਾਣ ਸਨਮਾਨ ਕਰਨ ਉਪਰੰਤ ਨਗਰ ਕੀਰਤਨ ਵਿਚ ਹਾਜ਼ਰ ਧਾਰਮਿਕ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਨਗਰ ਕੀਰਤਨ ਵਿਚ ਚੱਲ ਰਹੀਆਂ ਗੁਰੂ ਦੀਆਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਪਿੰਡਾਂ ਵਿਚ ਵੀ ਲੋਕਾਂ ਨੇ ਫਲ ਫਰੂਟ ਅਤੇ ਚਾਹ ਪਕੌੜਿਆਂ ਦਾ ਲੰਗਰ ਲਾਏ ਹੋਏ ਸਨ। ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ ਅਜਿਹੇ ਉਪਦੇਸ਼ ਹਨ ਜਿਸ ਨਾਲ ਇਕੱਲਾ ਮਨੁੱਖ ਨਹੀਂ ਸਗੋਂ ਸਮੁੱਚੇ ਸੰਸਾਰ ਦਾ ਭਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਸੇਵਾ ਤੇ ਲੰਗਰ ਦੀ ਪ੍ਰਥਾ ਨੇ ਦੁਨੀਆਂ ਵਿਚ ਇਸ ਦੀ ਨਿਵੇਕਲੀ ਪਛਾਣ ਬਣਾਈ ਹੈ।ਇਸ ਮੌਕੇ ਬਾਬਾ ਘੋਲਾ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਬਲਵਿੰਦਰ ਸਿੰਘ ਸੰਧੂ, ਮਹਿੰਦਰ ਸਿੰਘ ਬੋਪਾਰਾਏ, ਸਤਨਾਮ ਸਿੰਘ, ਜੋਗਾ ਸਿੰਘ ਸ਼ਾਹ, ਰਾਜਵੰਤ ਕੌਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ, ਸੇਵਾਦਾਰ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਬੱਚੇਅਤੇ ਵਿਦਿਆਰਥੀ ਹਾਜ਼ਰ ਸਨ।

ਫੋਟੋ ਕੈਪਸ਼ਨ-ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਬਾਬਸਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਸੰਤ ਸੀਚੇਵਾਲ ਜੀ ਦੀ ਅਗਵਾਈ 'ਚ ਸਜਾਏ ਗਏ ਦੂਸਰੇ ਨਗਰ ਕੀਰਤਨ ਦੇ ਅਲੋਕਿਕ ਦ੍ਰਿਸ਼।