This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਸੰਤ ਸੀਚੇਵਾਲ ਨੇ ਦਾਨ 'ਚ ਮਿਲੀ ਪਰਾਲੀ ਦੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਕਿਸਾਨਾਂ ਦੇ ਹਵਾਲੇ ਕੀਤੀ

925 Views | October 27, 2018

ਸੰਤ ਸੀਚੇਵਾਲ ਨੇ ਦਾਨ 'ਚ ਮਿਲੀ ਪਰਾਲੀ ਦੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਕਿਸਾਨਾਂ ਦੇ ਹਵਾਲੇ ਕੀਤੀ
ਹੁਣ ਤੱਕ ੫੦ ਦੇ ਕਰੀਬ ਕਿਸਾਨਾਂ ਦੀ ੨੫੦ ਏਕੜ ਜ਼ਮੀਂਨ ਦੀ ਪਰਾਲੀ ਸੰਭਾਲੀ ਗਈ
ਸੰਤ ਸੀਚੇਵਾਲ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਕੀਤਾ ਧੰਨਵਾਦ
ਸੁਲਤਾਨਪੁਰ ਲੋਧੀ ੨੭ ਅਕਤੂਬਰ 
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਾਨ ਵਿੱਚ ਮਿਲੀ ਪਰਾਲੀ ਦੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਕਿਸਾਨਾਂ ਦੇ ਹਵਾਲੇ ਕੀਤੀ ਹੋਈ ਹੈ।ਪਹਿਲੇ ਦਿਨ ਤੋਂ ਇਹ ਮਸ਼ੀਨ ਕਿਸਾਨਾਂ ਦੀ ਸੁਸਾਇਟੀ ਬਣਾ ਕੇ ਉਨ੍ਹਾਂ ਨੂੰ ਸੌਂਪ ਦਿੱਤੀ ਸੀ ਤਾਂ ਜੋ ਉਹ ਪਰਾਲੀ ਨੂੰ ਸਾੜਨ ਦੀ ਥਾਂ ਇਸ ਦੀਆਂ ਗੱਠਾਂ ਬੰਨ ਕੇ ਇਸ ਨੂੰ ਵੇਚ ਸਕਣ ਜਾਂ ਫਿਰ ਪਸ਼ੂਆਂ ਦੇ ਚਾਰੇ ਲਈ ਇਸ ਨੂੰ ਵਰਤ ਸਕਣ।ਹੁਣ ਤੱਕ ੫੦ ਕਿਸਾਨਾਂ ਦੇ ੨੫੦ ਏਕੜ ਖੇਤਾਂ ਵਿੱਚੋਂ ਪਰਾਲੀ ਦੀਆਂ ਗੱਠਾਂ ਬੰਨੀਆਂ ਜਾ ਚੁੱਕੀਆਂ ਹਨ।
ਮਹਿਮੂਵਾਲ ਪਿੰਡ ਦੇ ਦੋ ਕਿਸਾਨ ਖ਼ਜ਼ਾਨ ਸਿੰਘ ਦੇ ੧੨ ਖੇਤ ਤੇ ਜਵਾਲਾ ਸਿੰਘ ਦੇ ੧੪ ਖੇਤ, ਤਲਵੰਡੀ ਮਾਧੋ ਦੇ ਕਿਸਾਨ ਬਚਿੱਤਰ ਸਿੰਘ ਤੇ ਦੇਵ ਸਿੰਘ ਦੇ ਅੱਠ-ਅੱਠ ਖੇਤ,ਪਿੰਡ ਚੱਕ ਚੇਲਾ ਦੇ ਕਿਸਾਨ ਸੁਲੱਖਣ ਸਿੰਘ ਦੇ ੭ ਖੇਤ, ਪਿੰਡ ਖੁਰਦ ਦੇ ਕਿਸਾਨ ਲਾਭ ਸਿੰਘ ਦਾ ਇੱਕ ਖੇਤ, ਜੱਬੋਸੁਧਾਰ ਦੇ ਕਿਸਾਨ ਹਰਦੀਪ ਸਿੰਘ ਦਾ ਡੇਢ ਖੇਤ, ਸੂਰਤ ਸਿੰਘ ਦੇ ਪੰਜ ਖੇਤ, ਕਪੂਰਥਲਾ ਦੇ ਪਿੰਡ ਗੋਬਿੰਦਪੁਰ ਵਿੱਚ ੧੩ ਖੇਤ  ਅਤੇ ਪਿੰਡ ਸੀਚੇਵਾਲ 'ਚ ਕਿਸਾਨ ਹਰਪਾਲ ਸਿੰਘ ਦੇ ੧੧ ਖੇਤ, ਜਸਵੰਤ ਸਿੰਘ ਦੇ ੧੬ ਖੇਤ, ਨੰਬਰਦਾਰ ਨਿਰਮਲ ਸਿੰਘ ਦੇ ੪ ਖੇਤ, ਤਾਰਾ ਸਿੰਘ ਤਾਰੀ ਦੇ ੧੦ ਖੇਤ ਤੇ ਦਰਬਾਰਾ ਸਿੰਘ ਦੇ ੧੭ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਬੰਨੀਆਂ ਗਈਆਂ ਹਨ। ਇੰਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਕੁਝ ਪਰਾਲੀ ਦੀਆਂ ਗੱਠਾਂ ਤਾਂ ਉਹ ਚਾਰੇ ਵਾਸਤੇ ਰੱਖ ਲੈਣਗੇ ਤੇ ਬਾਕੀ ਦੀ ਬਾਈਓ ਮਾਸ ਵਾਲਿਆਂ ਨੂੰ ਵੇਚ ਦੇਣਗੇ।
ਕਿਸਾਨ ਜਥੇਬੰਦੀ ਦੀ ਅਗਵਾਈ ਕਰ ਰਹੇ ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਪਿਛਲੇ ਕਈ ਸਾਲਾਂ ਤੋਂ ਦੋਨਾਂ ਇਲਾਕੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਵੱਖ ਵੱਖ ਤਰੀਕਿਆਂ ਨਾਲ ਪਰਾਲੀ ਨੂੰ ਸੰਭਾਲਣ ਦੇ ਯਤਨ ਚੱਲ ਰਹੇ ਹਨ। ਇਸ ਸੀਜ਼ਨ ਵਿੱਚ ਵੀ ਬਾਬਾ ਜੀ ਵੱਲੋਂ ਇਸ ਮਸ਼ੀਨ ਅਤੇ ਚਾਰ ਟਰੈਕਟਰਾਂ ਨਾਲ ਕਿਸਾਨਾਂ ਦੀ ਪਰਾਲੀ ਸੰਭਾਲਣ ਲਈ ਸੇਵਾਦਾਰ ਪਿਛਲੇ ੧੫ ਦਿਨਾਂ ਤੋਂ ਲਗਾਤਾਰ ਮਦਦ ਲਈ ਲੱਗੇ ਹੋਏ ਹਨ।ਉਨ੍ਹਾਂ ਦੱਸਿਆ ਕਿ ਇੱਕ ਕਿਲੇ ਮਗਰ ਪਰਾਲੀ ਸੰਭਾਲਣ ਲਈ ੧੬੦੦ ਰੂਪੈ ਖਰਚ ਆ ਜਾਂਦਾ ਹੈ ਤੇ ਕਿਸਾਨਾਂ ਕੋਲੋ ੧੫੦੦ ਰੂਪੈ ਪ੍ਰਤੀ ਏਕੜ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਵੇਚ ਕੇ ਜੋ ਪੈਸਾ ਬਚੇਗਾ ਉਸ ਨਾਲ ਵੀ ਕਿਸਾਨਾਂ ਦੀ ਮਦਦ ਲਈ ਹੋਰ ਮਸ਼ੀਨਰੀ ਖ੍ਰੀਦੀ ਜਾਵੇਗੀ। 
ਇਸ ਮੌਕੇ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਦੋਨਾਂ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਹੈ ਜਿਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਹੀ ਇਲਾਕੇ ਦੇ ੮੦% ਕਿਸਾਨਾਂ ਨੇ ਪਰਾਲੀ ਸੰਭਾਲਣ ਲਈ ਮਸ਼ੀਨਰੀ ਬਣਾ ਲਈ ਸੀ। ਉਨ੍ਹਾਂ ਕਿਹਾ ਕਿ ਕਿਸਾਨ ਬਹੁਤ ਵੱਡੇ ਪੱਧਰ ਤੇ ਜਾਗਰੂਕ ਹੋ ਰਹੇ ਹਨ। ਉਨ੍ਹਾਂ ਪਿੰਡ ਸੀਚੇਵਾਲ, ਤਲਵੰਡੀ ਮਾਧੋ, ਸੋਹਲ ਖਾਲਸਾ, ਮਾਲਾ, ਅਹਿਮਦਪੁਰ, ਕੋਟਲਾ ਹੇਰ, ਵਾੜਾ ਜਗੀਰ, ਚੱਕ ਚੇਲਾ ਅਤੇ ਸ਼ੇਰਪੁਰ ਦੋਨਾਂ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਕੰਮਲ ਤੌਰ ਤੇ ਪਰਾਲੀ ਨੂੰ ਅੱਗ ਨਹੀਂ ਲਾਈ।