This Portal is for Registration for Visitors Coming to Sultanpur Lodhi Only. For Kartarpur Corridor Registration Click Here
This Portal is for Registration for Visitors Coming to Sultanpur Lodhi Only. For Kartarpur Corridor Registration Click Here

News Details

News Details

ਬਿਆਸ ਦਰਿਆ 'ਚ ਲੱਗੇ ਅਡਵਾਂਸ ਬੰਨ੍ਹ ਨੂੰ ਢਾਅ ਲੱਗਣ 'ਤੇ ਲੋਕਾਂ ਨੇ ਹਿੰਮਤ ਕਰਕੇ ਬੰਨ੍ਹ ਨੂੰ ਕੀਤਾ ਮਜ਼ਬੂਤ

1193 Views | September 25, 2018

ਸੁਲਤਾਨਪੁਰ ਲੋਧੀ, ੨੫ ਸਤੰਬਰ
ਮੰਡ ਇਲਾਕੇ ਵਿਚ ਬਿਆਸ ਦਰਿਆ 'ਤੇ ਲਾਏ ਗਏ ਅਡਵਾਂਸ ਬੰਨ੍ਹ ਨੂੰ ਢਾਅ ਲੱਗਣ 'ਤੇ ਲੋਕਾਂ ਨੇ ਆਪ ਹੀ ਹਿੰਮਤ ਕਰਕੇ ਇਸ ਬੰਨ੍ਹ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਅਡਵਾਂਸ ਬੰਨ੍ਹ ਨੂੰ ਢਾਅ ਲੱਗਣੀ ਸ਼ੁਰੂ ਹੋ ਗਈ ਹੈ। ਬੰਨ੍ਹ ਨੂੰ ਢਾਅ ਲੱਗਣ ਦਾ ਪਤਾ ਲੱਗਣ 'ਤੇ ਹੀ ਇਲਾਕੇ ਦੇ ਲੋਕਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਮੌਕੇ 'ਤੇ ਟਰੈਕਟਰ, ਜੇਸੀਬੀ ਮਸ਼ੀਨ ਤੇ ਸੇਵਾਦਾਰਾਂ ਨੂੰ ਭੇਜਿਆ ਤੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਆਪ ਅਗਵਾਈ ਕੀਤੀ। 
ਬੰਨ੍ਹ 'ਤੇ ਪਹਿਰਾ ਦੇ ਰਹੇ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਇਹ ਅਡਵਾਂਸ ਬੰਨ੍ਹ ੧੮ ਫੁੱਟ ਚੌੜਾ ਹੈ। ਬਿਆਸ ਦਰਿਆ ਵੱਲੋਂ ਢਾਅ ਲਾਏ ਜਾਣ ਕਾਰਨ ਸਿਰਫ ਤਿੰਨ ਫੁੱਟ ਹੀ ਬਾਕੀ ਰਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਤਾਂ ੬੦ ਹਜ਼ਾਰ ਏਕੜ ਦੇ ਕਰੀਬ ਫਸਲ ਤਬਾਹ ਹੋ ਜਾਣੀ ਸੀ। ਆਲੀ ਕਲਾਂ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਬੰਨ੍ਹ ਸਾਲ ੨੦੦੮ ਦੌਰਾਨ ਸੰਤ ਸੀਚੇਵਾਲ ਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਦਸਾਂ ਸਾਲਾਂ ਦੇ ਇਸ ਅਰਸੇ ਦੌਰਾਨ ਬੰਨ੍ਹ ਇਕ-ਦੋ ਵਾਰੀ ਹੀ ਟੁੱਟਾ ਸੀ। ਉਹ ਵੀ ਲੋਕਾਂ ਨੇ ਹਿੰਮਤ ਕਰਕੇ ਬਣਾ ਲਿਆ ਸੀ। ਜਿਸ ਕਾਰਨ ਫਸਲਾਂ ਦਾ ਨੁਕਸਾਨ ਹੋਣੋਂ ਬਚ ਗਿਆ ਸੀ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੀ ੮ ਟਰੈਕਟਰ, ਇਕ ਜੇਸੀਬੀ ਮਸ਼ੀਨ ਅਤੇ ਇਲਾਕੇ ਦੇ ਲੋਕ ਬੰਨ੍ਹ ਨੂੰ ਬਚਾਉਣ ਲਈ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਰਕਾਰ ਨੇ ਜਦੋਂ ਉਨ੍ਹਾਂ ਦੀ ਬਾਂਹ ਨਹੀਂ ਸੀ ਫੜੀ ਤਾਂ ਇਲਾਕੇ ਨੇ ਇਕੱਠੇ ਹੋ ਕੇ ਸੰਤ ਸੀਚੇਵਾਲ ਕੋਲ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਅਡਵਾਂਸ ਬੰਨ੍ਹ ਲਾਉਣ ਵਿਚ ਸਹਾਇਤਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਬੰਨ੍ਹ ਕਰਮੂਵਾਲ ਪੱਤਣ ਤੋਂ ਲੈ ਕੇ ਵੱਖ-ਵੱਖ ਪਿੰਡਾਂ 'ਚੋਂ ਹੁੰਦਾ ਹੋਇਆ ਆਲੀ ਕਲਾਂ ਦੇ ਨੇੜੇ ਤੱਕ ਆਉਂਦਾ ਹੈ।